ਇਹ ਦਿਨ شاہ مکھی

ਹਿੰਦੋਸਤਾਨ ਦੇ ਸੰਵਿਧਾਨ ਦੀ 50ਵੀਂ ਵਰ੍ਹੇਗੰਢ

ਹਿੰਦੋਸਤਾਨ ਦਾ ਮੌਜੂਦਾ ਸੰਵਿਧਾਨ ਲਾਗੂ ਕੀਤੇ ਗਿਆਂ ਨੂੰ ਪੰਜਾਹ ਸਾਲ ਗੁਜ਼ਰ ਗਏ ਹਨ ਪਰ ਹਾਲੇ ਵੀ ਹਿੰਦੋਸਤਾਨ ਦੇ ਲੋਕ ਕੌਮੀ ਅਤੇ ਸਮਾਜੀ ਮੁਕਤੀ ਹਾਸਲ ਕਰਨ ਦੀ ਜਦੋਜਹਿਦ ਨੂੰ ਆਪਣੇ ਲਹੂ ਨਾਲ ਸਿੰਜ ਰਹੇ ਹਨ। ਪਿਛਲੇ ਪੰਜਾਹ ਸਾਲਾਂ ਦੇ ਦੌਰਾਨ ਹਿੰਦੋਸਤਾਨੀ ਉਪ ਮਹਾਂਦੀਪ ਦੇ ਲੋਕ ਦੇਸੀ ਅਤੇ ਬਦੇਸ਼ੀ ਲੁਟੇਰਿਆਂ ਤੇ ਜਾਬਰਾਂ ਦੇ ਖ਼ਿਲਾਫ਼ ਲਗਾਤਾਰ ਉਠਦੇ ਰਹੇ ਹਨ ਕਿਉਂਕਿ 1950 ਵਿਚ ਲਾਗੂ ਕੀਤੇ ਗਏ ਸੰਵਿਧਾਨ ਦੇ ਦਾਇਰੇ ਵਿਚ ਲੋਕਰਾਜ ਦੇ ਅਰਥ ਬਿਲਕੁਲ ਖੋਖਲੇ ਹਨ, ਤੱਤ ਕੋਈ ਨਹੀਂ। ਇਹ ਸੰਵਿਧਾਨ ਹਿੰਦੋਸਤਾਨ ਦੇ ਲੋਕਾਂ ਦੀ ਕੋਈ ਵੀ ਤਾਂਘ ਪੂਰੀ ਕਰਨ ਵਿਚ ਅਸਫ਼ਲ ਰਿਹਾ ਹੈ ਤੇ ਵੱਡੇ ਸਰਮਾਏਦਾਰਾਂ ਅਤੇ ਵੱਡੇ ਜਗੀਰਦਾਰਾਂ ਦੇ ਹੱਥਾਂ ਵਿਚ ਇਕ ਐਸਾ ਹਥਿਆਰ ਹੈ ਜਿਸ ਦੀ ਵਰਤੋਂ ਹਿੰਦੋਸਤਾਨ ਦੇ ਲੋਕਾਂ ਨੂੰ ਗੁਲਾਮ ਬਣਾਈ ਰੱਖਣ ਲਈ ਕਰਦੇ ਹਨ।

ਹਿੰਦੋਸਤਾਨ ਦਾ ਸੰਵਿਧਾਨ ਘੜਨ ਵਾਲਿਆਂ ਦਾ ਯਕੀਨ ਸੀ ਕਿ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਤੋਂ ਮਗਰੋਂ ਅੰਗਰੇਜ਼ ਬਸਤੀਬਾਦੀਆਂ ਨੇ ਜੋ ਕੋਈ ਵੀ ਸੁਧਾਰ ਕੀਤੇ ਸਨ ਉਨ੍ਹਾਂ ਦਾ ਮੰਤਵ ਹਿੰਦੋਸਤਾਨ ਵਿਚ "ਲੋਕਰਾਜ" ਲਿਆਉਣਾਂ ਸੀ। ਇਨ੍ਹਾਂ "ਸੁਧਾਰਾਂ" ਦਾ ਆਰੰਭ ਬ੍ਰਤਾਨਵੀ ਬਸਤੀਵਾਦੀਆਂ ਨੇ ਸਥਾਨਕ ਨਗਰ ਪਾਲਿਕਾਵਾਂ ਅਤੇ ਕੌਂਸਲਾਂ ਵਿਚ ਆਪਣੇ ਚਮਚਿਆਂ ਅਤੇ ਪਿਠੂਆਂ ਨੂੰ ਕੁਝ ਸੀਟਾਂ ਬਖ਼ਸ਼ਣ ਤੋਂ ਸ਼ੁਰੂ ਕੀਤਾ ਤੇ ਅਖੀਰ 1947 ਵਿਚ ਦੇਸ਼ ਦਾ ਬਟਵਾਰਾ ਕਰਕੇ ਹਿੰਦੋਸਤਾਨ ਦੀ ਤਾਕਤ ਆਪਣੇ ਹਿੰਦੋਸਤਾਨੀ ਜੋਟੀਦਾਰਾਂ ਨੂੰ ਸੰਭਾਲੀ। ਇਸ ਬਟਵਾਰੇ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਪਰ ਸਾਮਰਾਜੀਆਂ ਅਤੇ ਇਨ੍ਹਾਂ ਦੇ ਝੋਲੀਚੁਕਾਂ ਨੇ ਹਿੰਦੋਸਤਾਨ ਨੂੰ "ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ" ਦਾ ਖ਼ਿਤਾਬ ਦਿਤਾ ਅਤੇ ਹਾਲੇ ਤੱਕ ਇਹ ਇਹੋ ਭੁਲੇਖਾ ਖੜਾ ਕਰੀ ਰੱਖ ਰਹੇ ਹਨ ਕਿ ਹਿੰਦੋਸਤਾਨ ਸਭ ਤੋਂ ਵੱਡਾ ਜਮਹੂਰੀ ਮੁਲਕ ਹੈ। ਇਸ ਜਮਹੂਰੀਅਤ ਦੇ ਨਾਮ ਹੇਠ ਹਿੰਦੋਸਤਾਨ ਲੋਕਾਂ ਅਤੇ ਇਸ ਉਪ-ਮਹਾਂਦੀਪ ਦੇ ਹੋਰ ਲੋਕਾਂ ਦੇ ਖ਼ਿਲਾਫ਼ ਹੁਣ ਤੱਕ ਅਣਗਿਣਤ ਜ਼ੁਰਮ-ਜਬਰ ਕੀਤੇ ਜਾ ਚੁਕੇ ਹਨ ਤੇ ਹਾਲੇ ਵੀ ਕੀਤੇ ਜਾ ਰਹੇ ਹਨ।

1947 ਵਿਚ ਹਿੰਦੋਸਤਾਨ ਦੇ ਲੋਕਾਂ ਦੇ ਲਹੂ ਨਾਲ ਸਿੰਜਕੇ ਕੀਤੇ ਗਏ ਬਟਵਾਰੇ ਤੋਂ ਲੈਕੇ ਹੁਣ ਤੱਕ ਦੇ ਹਾਲਾਤ ਬਿਲਕੁਲ ਸਪੱਸ਼ਟ ਕਰਦੇ ਹਨ ਕਿ ਹਿੰਦੋਸਤਾਨ ਦਾ ਸੰਵਿਧਾਨ ਜਮਹੂਰੀਅਤ ਦਾ ਜ਼ਾਮਨ ਨਹੀਂ ਬਲਕਿ ਵੱਡੇ ਸਰਮਾਏਦਾਰਾਂ ਅਤੇ ਵੱਡੇ ਜਗੀਰਦਾਰਾਂ ਦੀ ਵਹਿਸ਼ੀ ਅਤੇ ਜ਼ਾਲਮ ਲਾਕਾਨੂੰਨੀ ਦਾ ਰਾਖਾ ਹੈ ਜਿਸ ਨੂੰ ਇਹ ‘ਜਮਹੂਰੀਅਤ’ ਦਾ ਬੁਰਕਾ ਪਹਿਨਾਉਂਦਾ ਹੈ। ਇਸਦੀ ਵਜਾਹ ਇਹ ਹੈ ਕਿ ਬਰਤਾਨਵੀਆਂ ਅਤੇ ਇਨ੍ਹਾਂ ਦੇ ਜੋਟੀਦਾਰਾਂ ਲਈ ਜਮਹੂਰੀਅਤ ਸਿਰਫ਼ ਇਕ ਖੋਖਲੀ ਸ਼ੈਅ ਹੈ, ਇਸਦਾ ਤੱਤ ਕੋਈ ਨਹੀਂ। ਚੋਣਾਂ ਰਾਹੀਂ ਚੁਣੇ ਗਏ ਪ੍ਰਤੀਨਿਧਾਂ ਤੇ ਅਧਾਰਤ ਇਹ ਖੋਖਲੀ ਤੇ ਤੱਤਹੀਣ ਜਮਹੂਰੀਅਤ ਹੀ ਇਨ੍ਹਾਂ ਲਈ ਸਭ ਕੁਝ ਹੈ। ਪਰ ਹੁਣ ਇਹ ਖੋਖਲੀ ਤੇ ਪ੍ਰਤੀਨਿਧ ਜਮਹੂਰੀਅਤ ਵੀ ਬੜੀ ਤੇਜ਼ੀ ਨਾਲ ਆਪਣੀ ਪ੍ਰਤੀਤ ਗੁਆ ਰਹੀ ਹੈ ਤੇ ਇਹ ਹਾਕਮ ਜਮਾਤਾਂ ਦੀਆਂ ਆਪਸੀ ਵਿਰੋਧਤਾਵਾਂ ਨੂੰ ਹੱਲ ਕਰਨ ਵਿਚ ਵੀ ਅਸਫ਼ਲ ਹੋ ਰਹੀ ਹੈ। ਨਿਰੰਤਰ ਚਲ ਰਿਹਾ ਸਿਆਸੀ ਸੰਕਟ ਇਸ ਰਾਜ ਦਾ ਇਕ ਸਥਾਈ ਲੱਛਣ ਬਣ ਗਿਆ ਹੈ। ਇਸ ਜਮਹੂਰੀਅਤ ਦੀ ਰਾਖੀ ਕਰਨ ਦੇ ਨਾਮ ਹੇਠ ਹਿੰਦੋਸਤਾਨ ਦੇ ਹਾਕਮ ਆਸਾਮ, ਪੰਜਾਬ, ਕਸ਼ਮੀਰ, ਨਾਗਾਲੈਂਡ, ਮਨੀਪੁਰ, ਗੁਜਰਾਤ, ਰਾਜਸਥਾਨ, ਬਿਹਾਰ ਅਤੇ ਹੋਰ ਥਾਵੀਂ ਬੜੀ ਬੇਦਰਦੀ ਨਾਲ ਲੋਕਾਂ ਦੇ ਆਹੂ ਲਹੁੰਦੇ ਹਨ, ਲੋਕਾਂ ਦੇ ਖ਼ੂਨ ਦੀਆਂ ਨਦੀਆਂ ਵਹਾਉਂਦੇ ਹਨ। ਅਤੇ ਹਿੰਦੋਸਤਾਨ ਅਤੇ ਸਾਰੇ ਉਪ-ਮਹਾਂਦੀਪ ਦੇ ਲੋਕ ਇਸੇ ਜਮਹੂਰੀਅਤ ਦੇ ਖ਼ਿਲਾਫ਼ ਉਠਦੇ ਆਏ ਹਨ ਅਤੇ ਹਰ ਰੋਜ਼ ਉਠ ਰਹੇ ਹਨ।

ਹਿੰਦੋਸਤਾਨੀ ਸੰਵਿਧਾਨ ਲਾਗੂ ਕੀਤੇ ਜਾਣ ਦੇ ੫੦ਵੇਂ ਵਰ੍ਹੇ ਦੇ ਇਸ ਨਖਿਧ ਮੌਕੇ ਉਤੇ ਅਸੀਂ ਹਿੰਦੋਸਤਾਨੀ ਲੋਕਾਂ ਦੇ ਅਣਗਿਣਤ ਸ਼ਹੀਦਾਂ ਨੂੰ ਅਕੀਦਤ ਪੇਸ਼ ਕਰਦੇ ਹਾਂ ਜੋ ਦੇਸੀ ਤੇ ਵਿਦੇਸ਼ੀ ਲੁਟੇਰਿਆਂ, ਜਾਬਰਾਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਕੋਲੋਂ ਕੌਮੀ ਅਤੇ ਸਮਾਜੀ ਆਜ਼ਾਦੀ ਹਾਸਲ ਕਰਨ ਦੀ ਜਦੋਜਹਿਦ ਵਿਚ ਆਪਣੀਆਂ ਜਾਨਾਂ ਕੁਰਬਾਨ ਕਰ ਗਏ।

1947 ਵਿਚ ਬਰਤਾਨਵੀ ਬਸਤੀਵਾਦੀਆਂ ਵਲੋਂ ਆਪਣੇ ਪਿਠੂਆਂ ਅਤੇ ਭਾਈਵਾਲਾਂ ਹੱਥ ਤਾਕਤ ਸੰਭਾਲ ਦੇਣ ਮੁਤੱਲਿਕ ਗੱਲ ਕਰਦਿਆਂ ਕਾਮਰੇਡ ਹਰਦਿਆਲ ਬੈਂਸ ਨੇ ਲਿਖਿਆ ਸੀ, "ਹਿੰਦੋਸਤਾਨੀ ਲੋਕਾਂ ਦੀ ਸੱਭ ਤੋਂ ਵੱਡੀ ਤਾਂਘ ਇਨਕਲਾਬ ਹੈ।"

ਇਨਕਲਾਬ ਦੀ ਤਮੰਨਾਂ ਜੋ ਹਿੰਦੋਸਤਾਨੀ ਲੋਕਾਂ ਦੀ ਮਾਨਸਿਕਤਾ ਵਿਚ ਘਰ ਕਰ ਚੁਕੀ ਹੈ, ਇਸਦਾ ਵਰਨਣ ਸਾਥੀ ਬੈਂਸ ਇਸ ਤਰ੍ਹਾਂ ਕਰਦੇ ਹਨ,

"ਹਿੰਦੋਸਤਾਨੀ ਲੋਕਾਂ ਇਹ ਖ਼ਾਹਿਸ਼, ਇਕ ਅਜੇਹੀ ਤਾਂਘ ਬਣ ਗਈ ਹੈ ਜਿਸ ਨੂੰ ਇਨਕਲਾਬ ਤੋਂ ਛੁਟ ਹੋਰ ਕੋਈ ਚੀਜ਼ ਇਸ ਨੂੰ ਪੂਰਾ ਨਹੀਂ ਕਰ ਸਕਦੀ। ਇਸ ਸੁਆਲ ਬਾਰੇ ਬਹਿਸਾਂ ਵੀ ਬਹੁਤ ਚਲਦੀਆਂ ਆਈਆਂ ਹਨ ਤੇ ਜਦੋਜਹਿਦਾਂ ਦੀ ਗਿਣਤੀ ਵੀ ਘੱਟ ਨਹੀਂ ਰਹੀ। ਕੰਨਿਆਂ ਕੁਮਾਰੀ ਤੋਂ ਲੈਕੇ ਹਿਮਾਲਾ ਦੇ ਪੈਰਾਂ ਵਿਚ ਤਰਾਈ ਤੱਕ, ਉਤਰ-ਪੂਰਬ ਦੇ ਚਾਹ ਦੇ ਬਾਗਾਂ ਤੋਂ ਲੈਕੇ ਉਤਰ-ਪੱਛਮ ਦੇ ਜ਼ਰਖੇਜ਼ ਮੈਦਾਨਾਂ ਤੱਕ, ਇਸ ਤਾਂਘ ਦੀ ਪੂਰਤੀ ਲਈ ਜਦੋਜਹਿਦ ਫੁਟਦੀ ਆਈ ਹੈ। ਜੇ ਅੱਜ ਬੰਬਈ ਦੇ ਕਪੜਾ ਮਜ਼ਦੂਰਾਂ ਦੀ ਜਦੋਜਹਿਦ ਖ਼ਤਮ ਹੋਣ ਤੋਂ ਇਨਕਾਰੀ ਹੈ ਤਾਂ ਕੱਲ਼੍ਹ, ਬਿਹਾਰ ਦੇ ਕਿਸਾਨਾਂ ਦੀ ਜਦੋਜਹਿਦ ਨੂੰ ਕੁਚਲਣਾਂ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਬੰਦਰਗਾਹਾਂ ਦੇ ਮਜ਼ਦੂਰ ਅਤੇ ਹੋਰ ਹਰ ਤਰ੍ਹਾਂ ਦੇ ਕਾਮੇ- ਕਿਸਾਨ, ਗਭਰੂ, ਮੁਟਿਆਰਾਂ, ਔਰਤਾਂ, ਕਿਤਾਕਾਰ ਲੋਕ, ਕਬਾਇਲੀ ਅਤੇ ਹੋਰ ਸਾਰੇ ਦੱਬੇ ਕੁਚਲੇ ਅਤੇ ਲੁਟ ਤੇ ਜਬਰ ਦਾ ਸ਼ਿਕਾਰ ਲੋਕ- ਇਨ੍ਹਾਂ ਸਾਰੇ ਲੋਕਾਂ ਦੀਆਂ ਸ਼ਾਨਦਾਰ ਜਦੋਜਹਿਦਾਂ ਦੀਆਂ ਉਠਦੀਆਂ ਲਾਟਾਂ ਅਤੇ ਹਰੇਕ ਬਹਿਸ ਆਪਣੇ ਅੰਤ ਤੱਕ ਪਹੁੰਚਣਾਂ ਲੋਚਦੀਆਂ ਹਨ- ਲੋਕ ਇਨਕਲਾਬ ਤੱਕ!

"ਇਨਕਲਾਬ-ਜ਼ਿੰਦਾਬਾਦ ਦਾ ਲਫ਼ਜ਼ ਲੋਕਾਂ ਦਾ ਤਕੀਆ-ਕਲਾਮ ਬਣ ਗਿਆ ਤੇ ਹਿੰਦੋਸਤਾਨੀ ਲੋਕਾਂ ਦੇ ਕਲਚਰ ਅਤੇ ਮਨਾਂ ਵਿਚ ਏਨਾਂ ਡੂੰਘਾ ਉਤਰ ਚੁਕਾ ਹੈ ਕਿ ਕੋਈ ਵੀ ਗੱਲ ਛਿੜੇ ਇਨਕਲਾਬ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਆਸਾਮ, ਕਸ਼ਮੀਰ, ਪੰਜਾਬ ਅਤੇ ਹਿੰਦੋਸਤਾਨ ਦੇ ਹੋਰ ਹਿਸਿਆਂ ਵਿਚ ਫਿਰਕੂ ਹਿੰਸਾ ਅਤੇ ਫ਼ਾਸ਼ੀ ਤਸ਼ੱਦਦ ਦੇ ਖ਼ਿਲਾਫ਼ ਲੋਕ ਜਦੋਜਹਿਦ ਕਰਦੇ ਹਨ ਤਾਂ ਇਨਕਲਾਬ ਦੀ ਹੀ ਗੱਲ ਚਲਦੀ ਹੈ। ਗੁਜਰਾਤ, ਤਾਮਲਨਾਡੂ ਅਤੇ ਮਹਾਂਰਾਸ਼ਟਰ ਦੇ ਜਦੋਜਹਿਦ ਕਰਨ ਵਾਲੇ ਲੋਕਾਂ ਦੇ ਹੋਠਾਂ ਉਤੇ ਵੀ ਇਨਕਲਾਬ ਦਾ ਹੀ ਨਾਂ ਆਉਂਦਾ ਹੈ। ਹੋਦੋਸਤਾਨ ਦੇ ਘੋਲ ਕਰ ਰਹੇ ਸਾਰੇ ਲੋਕ ਇਨਕਲਾਬ ਦੀ ਤਾਂਘ ਰੱਖਦੇ ਹਨ ਤੇ ਜਦੋਂ ਕੋਈ ਘੋਲ ਅਸਫ਼ਲ ਹੋ ਜਾਵੇ ਤਾਂ ਸਾਰਿਆਂ ਦੇ ਬੁਲ਼੍ਹਾਂ ਤੇ ਇਹੋ ਗੱਲ ਹੁੰਦੀ ਹੈ: ਇਨਕਲਾਬ ਦੇ ਬਗੈਰ ਗੱਲ ਨਹੀਂ ਬਣਨੀ!"

ਅੱਗੇ ਵੱਧਣ ਦਾ ਕਿਹੜਾ ਰਾਹ ਹੈ? ਅੱਗੇ ਕਿਵੇਂ ਵੱਧਿਆ ਜਾਵੇ? ਆਉਣ ਵਾਲੇ ਵਕਤ ਵਿਚ ਕੀ ਹੋਣ ਵਾਲਾ ਹੈ? ਮਜ਼ਦੂਰ, ਕਿਸਾਨ, ਵਿਦਿਆਰਥੀ, ਔਰਤਾਂ, ਅਤੇ ਪਿਸਮਾਂਦਾ ਲੋਕ ਅੱਜ ਇਹੋ ਸਵਾਲ ਹਰ ਪਾਸੇ ਪੁਛ ਰਹੇ ਹਨ। ਹਿੰਦੋਸਤਾਨ ਦੇ ਲੋਕ ਜੇ ਇਕਮੁਠ ਹੋਕੇ ਹੰਭਲਾ ਮਾਰਨ ਤਾਂ ਲਾਜ਼ਮੀ ਹੈ ਕਿ ਆਪਣੀ ਹਿੰਮਤ, ਅਕਲ, ਹੌਂਸਲੇ ਅਤੇ ਪਹਿਲਕਦਮੀ ਨਾਲ ਇਨ੍ਹਾਂ ਸਵਾਲਾਂ ਦੇ ਜਵਾਬ ਜ਼ਰੂਰ ਲੱਭ ਲੈਣਗੇ ਤੇ ਹਿੰਦੋਸਤਾਨ ਨੂੰ ਤਰੱਕੀ ਦੇ ਰਾਹ ਪਾਉਣ ਵਿਚ ਕਾਮਯਾਬ ਹੋਣਗੇ।

Back to top      Back to Home Page